1
ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ ।
2
ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ ।
3
ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ ।
4
ਅਤੇ ਜਦ ਵਿਰਲਾਪ ਦੇ ਦਿਨ ਬੀਤ ਗਏ, ਤਦ ਯੂਸੁਫ਼ ਨੇ ਫ਼ਿਰਊਨ ਦੇ ਘਰਾਣੇ ਨੂੰ ਇਹ ਗੱਲ ਆਖੀ, ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫ਼ਿਰਊਨ ਨੂੰ ਬੋਲੋ,
5
ਮੇਰੇ ਪਿਤਾ ਨੇ ਮੈਥੋਂ ਇਹ ਸਹੁੰ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ, ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੀਂ, ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦੀ ਇਜਾਜ਼ਤ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜ ਆਵਾਂਗਾ ।
6
ਤਦ ਫ਼ਿਰਊਨ ਨੇ ਆਖਿਆ, ਜਾ ਅਤੇ ਆਪਣੇ ਪਿਤਾ ਦੀ ਸਹੁੰ ਦੇ ਅਨੁਸਾਰ ਉਸ ਨੂੰ ਦਫ਼ਨਾ ਦੇ ।
7
ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ, ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਸੇਵਕ, ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ ।
8
ਅਤੇ ਯੂਸੁਫ਼ ਦਾ ਸਾਰਾ ਘਰਾਣਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ, ਸਿਰਫ਼ ਉਨ੍ਹਾਂ ਦੇ ਬੱਚੇ, ਇੱਜੜ ਅਤੇ ਚੌਣੇ ਗੋਸ਼ਨ ਦੇਸ਼ ਵਿੱਚ ਰਹਿ ਗਏ ।
9
ਉਸ ਦੇ ਨਾਲ ਰਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ ।
10
ਫਿਰ ਉਹ ਆਤਾਦ ਦੇ ਪਿੜ ਤੱਕ ਆਏ ਜਿਹੜਾ ਯਰਦਨ ਪਾਰ ਹੈ, ਉੱਥੇ ਉਨ੍ਹਾਂ ਨੇ ਬਹੁਤ ਜਿਆਦਾ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ, ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਤੱਕ ਅਫ਼ਸੋਸ ਕੀਤਾ ।
11
ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਆਬੇਲ ਮਿਸਰਾਈਮ ਰੱਖਿਆ ਗਿਆ, ਜਿਹੜਾ ਯਰਦਨ ਪਾਰ ਹੈ ।
12
ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ ।
13
ਉਸ ਦੇ ਪੁੱਤਰ ਉਹ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹ ਨੂੰ ਮਕਫ਼ੀਲਾਹ ਦੀ ਪੈਲੀ ਦੀ ਗੁਫ਼ਾ ਵਿੱਚ ਦਫ਼ਨਾਇਆ, ਜਿਸ ਪੈਲੀ ਨੂੰ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ ।