1
ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ
2
ਅਤੇ ਮੇਰਾ ਚਾਂਦੀ ਦਾ ਪਿਆਲਾ ਛੋਟੇ ਭਰਾ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ । ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ ।
3
ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ ।
4
ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ ?
5
ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸਵਾਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ ।
6
ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ ।
7
ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸਵਾਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ ।
8
ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ ?
9
ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸਵਾਮੀ ਦੇ ਗ਼ੁਲਾਮ ਹੋ ਜਾਂਵਾਂਗੇ ।
10
ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ । ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ੀ ਠਹਿਰੋਗੇ ।
11
ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ
12
ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ ।
13
ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ ।
14
ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ ।
15
ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ ?
16
ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ । ਵੇਖੋ, ਅਸੀਂ ਆਪਣੇ ਸਵਾਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ ।
17
ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ । ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ ।