1
ਯਾਕੂਬ ਆਪਣੇ ਰਾਹ ਪੈ ਗਿਆ ਤਦ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ ।
2
ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਇਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਤੇ ਉਸ ਥਾਂ ਦਾ ਨਾਮ ਮਹਨਾਯਿਮ ਰੱਖਿਆ ।
3
ਤਦ ਯਾਕੂਬ ਨੇ ਆਪਣੇ ਅੱਗੇ ਸੰਦੇਸ਼-ਵਾਹਕਾਂ ਨੂੰ ਆਪਣੇ ਭਰਾ ਏਸਾਓ ਕੋਲ, ਸ਼ੇਈਰ ਦੇਸ਼ ਅਤੇ ਅਦੋਮ ਦੇ ਮੈਦਾਨ ਵਿੱਚ ਭੇਜਿਆ
4
ਅਤੇ ਉਨ੍ਹਾਂ ਨੂੰ ਹੁਕਮ ਦੇ ਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਇਸ ਤਰ੍ਹਾਂ ਆਖੋ, ਤੁਹਾਡਾ ਦਾਸ ਯਾਕੂਬ ਇਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ।
5
ਮੇਰੇ ਕੋਲ ਬਲ਼ਦ, ਗਧੇ, ਇੱਜੜ ਅਤੇ ਦਾਸ-ਦਾਸੀਆਂ ਹਨ ਅਤੇ ਮੈਂ ਆਪਣੇ ਸਵਾਮੀ ਨੂੰ ਇਹ ਦੱਸਣ ਲਈ ਇਨ੍ਹਾਂ ਨੂੰ ਭੇਜਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ ।
6
ਯਾਕੂਬ ਦੇ ਸੰਦੇਸ਼-ਵਾਹਕਾਂ ਨੇ ਮੁੜ ਆ ਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ । ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ ।
7
ਤਦ ਯਾਕੂਬ ਬਹੁਤ ਡਰ ਗਿਆ ਅਤੇ ਘਬਰਾਇਆ, ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਬਲ਼ਦਾਂ ਅਤੇ ਊਠਾਂ ਨੂੰ ਲੈ ਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ
8
ਅਤੇ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਹਮਲਾ ਕਰੇ ਅਤੇ ਉਸ ਨੂੰ ਮਾਰ ਸੁੱਟੇ ਤਦ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ ।
9
ਫਿਰ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਅਤੇ ਆਪਣਿਆਂ ਸਬੰਧੀਆਂ ਕੋਲ ਮੁੜ ਜਾ ਅਤੇ ਮੈਂ ਤੇਰੇ ਸੰਗ ਭਲਿਆਈ ਕਰਾਂਗਾ:
10
ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ । ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ ।
11
ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ ।
12
ਤੂੰ ਤਾਂ ਆਖਿਆ, ਕਿ ਮੈਂ ਤੇਰੇ ਨਾਲ ਭਲਿਆਈ ਹੀ ਭਲਿਆਈ ਕਰਾਂਗਾ ਅਤੇ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਧਾਵਾਂਗਾ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ।
13
ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ
14
ਅਰਥਾਤ ਦੋ ਸੌ ਬੱਕਰੀਆਂ, ਵੀਹ ਬੱਕਰੇ, ਦੋ ਸੌ ਭੇਡਾਂ, ਵੀਹ ਮੇਂਢੇ,
15
ਤੀਹ ਸੂਈਆਂ ਹੋਈਆਂ ਊਠਣੀਆਂ ਬੱਚਿਆਂ ਸਮੇਤ, ਚਾਲ੍ਹੀ ਗਊਆਂ, ਦਸ ਸਾਨ੍ਹ, ਵੀਹ ਗਧੀਆਂ ਅਤੇ ਉਹਨਾਂ ਦੇ ਦਸ ਬੱਚੇ ।
16
ਉਸ ਨੇ ਉਨ੍ਹਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਦੇ ਹੱਥ ਦੇ ਦਿੱਤੇ ਅਤੇ ਆਪਣੇ ਸੇਵਕਾਂ ਨੂੰ ਆਖਿਆ, ਤੁਸੀਂ ਮੇਰੇ ਅੱਗੇ-ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਫ਼ਾਸਲਾ ਰੱਖੋ ।
17
ਸਭ ਤੋਂ ਅੱਗੇ ਜਾਣ ਵਾਲੇ ਝੁੰਡ ਦੇ ਰਖਵਾਲੇ ਨੂੰ ਉਸ ਨੇ ਇਹ ਹੁਕਮ ਦਿੱਤਾ, ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਤੇ ਉਹ ਪੁੱਛੇ, ਤੂੰ ਕਿਸ ਦਾ ਦਾਸ ਹੈਂ, ਕਿੱਧਰ ਨੂੰ ਜਾਂਦਾ ਹੈਂ ਅਤੇ ਇਹ ਤੇਰੇ ਅੱਗੇ ਜਾਣ ਵਾਲੇ ਕਿਸ ਦੇ ਹਨ ?
18
ਤਾਂ ਤੂੰ ਆਖੀਂ ਇਹ ਤੁਹਾਡੇ ਦਾਸ ਯਾਕੂਬ ਦੇ ਹਨ । ਇਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਭੇਜਿਆ ਹੈ ਅਤੇ ਵੇਖੋ, ਉਹ ਵੀ ਸਾਡੇ ਪਿੱਛੇ ਹੈ ।
19
ਅਤੇ ਉਸ ਨੇ ਦੂਜੇ ਅਤੇ ਤੀਜੇ ਰਖਵਾਲਿਆਂ ਨੂੰ ਸਗੋਂ ਸਾਰਿਆਂ ਨੂੰ ਜਿਹੜੇ ਝੁੰਡ ਦੇ ਪਿੱਛੇ ਆਉਂਦੇ ਸਨ, ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਖਣਾ ।
20
ਅਤੇ ਇਹ ਵੀ ਆਖਣਾ, ਵੇਖੋ, ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ ਕਿਉਂ ਜੋ ਉਸ ਨੇ ਆਖਿਆ ਕਿ ਇਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ-ਅੱਗੇ ਜਾਂਦਾ ਹੈ ਮੈਂ ਉਸ ਦਾ ਗੁੱਸਾ ਠੰਡਾ ਕਰਾਂਗਾ ਅਤੇ ਇਸ ਤੋਂ ਬਾਅਦ ਹੀ ਉਹ ਦਾ ਮੂੰਹ ਵੇਖਾਂਗਾ, ਸ਼ਾਇਦ ਉਹ ਮੈਨੂੰ ਕਬੂਲ ਕਰੇ ।
21
ਇਸ ਲਈ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਤੇ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ ।